ਅਣਪਛਾਤਿਆਂ ਨੇ ਠੇਕੇ ਤੋਂ ਲੁੱਟੀ ਸਾਢੇ ਤਿੰਨ ਲੱਖ ਦੀ ਸ਼ਰਾਬ


ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਰਾਮਗੜ ਵਿਖੇ ਬੀਤੀ ਰਾਤ ਚੋਰਾਂ ਵਲੋਂ ਸ਼ਰਾਬ ਦੇ ਠੇਕੇ ਵਿੱਚੋਂ ਸਾਢੇ ਤਿੰਨ ਲੱਖ ਦੀ ਸ਼ਰਾਬ ਚੋਰੀ ਕਰਨ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਗੜ ਦੇ ਦੀਪਗੜ ਰੋਡ ’ਤੇ ਸਥਿਤ ਚੱਡਾ ਐਂਡ ਸੂਦ ਗਰੁੱਪ ਦੇ ਠੇਕੇ ’ਤੇ ਇਹ ਘਟਨਾ ਵਾਪਰੀ। ਜਿੱਥੇ 4 ਵਿਅਕਤੀਆਂ ਵਲੋਂ ਠੇਕੇ ਦੇ ਕਰਿੰਦੇ ਨੂੰ ਬੰਨ ਕੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਚੋਰੀ ਕਰ ਲਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਠੇਕੇ ਦੇ ਕਰਿੰਦੇ ਰਾਜੀਵ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਦੇ ਕਰੀਬ ਠੇਕੇ ਦੀ ਛੱਤ ਤੋੜ ਕੇ ਦੋ ਵਿਅਕਤੀ ਅੰਦਰ ਦਾਖ਼ਲ ਹੋਏ। ਜਿਹਨਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਮੈਨੂੰ ਰਜਾਈ ਵਿੱਚ ਹੀ ਦੱਬ ਲਿਆ। ਜਿਸਤੋਂ ਬਾਅਦ ਠੇਕੇ ਵਿੱਚੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਤੋਂ ਇਲਾਵਾ, ਉਸਦਾ ਮੋਬਾਇਲ ਅਤੇ ਉਸਦੀ ਇੱਕ ਮਹੀਨੇ ਦੀ ਤਨਖ਼ਾਹ ਵੀ ਲੈ ਗਏ।

ਕਰਿੰਦੇ ਨੇ ਦੱਸਿਆ ਕਿ ਚੋਰਾਂ ਵਲੋਂ ਉਸਦੀ ਕੁੱਟਮਾਰ ਵੀ ਕੀਤੀ ਗਏ ਅਤੇ ਠੇਕੇ ਵਿੱਚੋਂ ਬਾਹਰੋਂ ਜ਼ਿੰਦਾ ਲਗਾ ਕੇ ਫ਼ਰਾਰ ਹੋ ਗਏ। ਇਸ ਸਬੰਧੀ ਠੇਕੇਦਾਰਾਂ ਦੇ ਮੈਨੇਜਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਚੋਰੀ ਦੌਰਾਨ ਚੋਰਾਂ ਵਲੋਂ 50 ਪੇਟੀਆਂ ਅੰਗਰੇਜ਼ੀ ਅਤੇ 30 ਪੇਟੀਆਂ ਦੇਸੀ ਸ਼ਰਾਬ ਦੀਆਂ ਚੋਰੀ ਕਰਕੇ ਲੈ ਗਏ, ਜਿਸਦੀ ਕੀਮਤ ਸਾਢੇ ਤਿੰਨ ਲੱਖ ਦੇ ਕਰੀਬ ਬਣਦੀ ਹੈ। ਚੋਰਾਂ ਵਲੋਂ ਦੋ ਗੇੜਿਆਂ ਰਾਹੀਂ ਵਰਨਾ ਕਾਰ ਰਾਹੀਂ ਸ਼ਰਾਬ ਦੀ ਢੋਆ ਢੋਆਈ ਕੀਤੀ ਗਈ ਹੈ, ਜਿਸਦੀ ਫ਼ੁਟੇਜ਼ ਸੀਸੀਟੀਵੀ ਵਿੱਚ ਕੈਦ ਹੋਈ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਘਟਨਾ ਨਹੀਂ ਹੈ, ਬਲਕਿ ਇਸਤੋਂ ਪਹਿਲਾਂ ਥਾਣਾ ਟੱਲੇਵਾਲ ਅਧੀਨ ਪਿੰਡ ਵਿਧਾਤਾ ਅਤੇ ਭੋਤਨਾ ਦੇ ਠੇਕੇ ਵਿੱਚ ਵੀ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਸ ਕਰਕੇ ਸਾਡਾ ਵੱਡਾ ਨੁਕਸਾਨ ਹੋ ਚੁੱਕਿਆ ਹੈ। ਉਹਨਾਂ ਪੁਲੀਸ ਵਲੋਂ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ।ਉਧਰ ਇਸ ਸਬੰਧੀ ਥਾਣਾ ਟੱਲੇਵਾਲ ਦੇ ਐਸਐਚਓ ਜਸਵਿੰਦਰ ਸਿੰਘ ਨੇ ਕਿਹਾ ਕਿ ਚੋਰੀ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ। ਸੀਸੀਟੀਵੀ ਫ਼ੁਟੇਜ਼ ਦੀ ਮੱਦਦ ਨਾਲ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।