ਨਗਰ ਕੌਂਸਲ ਦੀ ਸਾਬਕਾ ਵਾਈਸ ਪ੍ਰਧਾਨ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ‘ਆਪ’ ਵਿਚ ਸ਼ਾਮਲ


ਭੁਪਿੰਦਰ ਸਿੰਘ ਨਾਭਾ
ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੀ ਤਾਰੀਖ ਦਾ ਰਸਮੀ ਐਲਾਨ ਤਾਂ ਅਜੇ ਨਹੀਂ ਹੋਇਆ, ਪਰ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਜਿਸ ਦੇ ਤਹਿਤ ਨਾਭਾ ਵਿੱਚ ਨਗਰ ਕੌਂਸਲ ਦੀ ਸਾਬਕਾ ਵਾਈਸ ਪ੍ਰਧਾਨ ਸਰੋਜ ਰਾਣੀ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ।

ਸਰੋਜ ਰਾਣੀ ਨੇ ਪੰਜਾਬ ਲੀਗਲ ਸੈੱਲ ਦੇ ਸਾਬਕਾ ਪ੍ਰਧਾਨ ਗਿਆਨ ਸਿੰਘ ਮੂੰਗੋ ਅਤੇ ਸੀਨੀਅਰ ਆਪ ਆਗੂ ਜੱਸੀ ਸੋਹੀਆਂ ਵਾਲਾ ਅਗਵਾਹੀ ਵਿੱਚ ਸ਼ਾਮਲ ਹੋਈ। ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਰੋਜ ਰਾਣੀ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਸ਼ਾਮਲ ਹੋਈ ਹਾਂ। ਉਨ੍ਹਾਂ ਕਿਹਾ ਕਿ ਜੇ ਮੈਨੂੰ ਆਮ ਆਦਮੀ ਪਾਰਟੀ ਟਿਕਟ ਦੇਵੇਗੀ ਤਾਂ ਮੈਂ ਜ਼ਰੂਰ ਚੋਣ ਲੜਾਂਗੀ।
ਇਸ ਮੌਕੇ ਆਮ ਆਦਮੀ ਪਾਰਟੀ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦਾ ਡਟ ਕੇ ਮੁਕਾਬਲਾ ਕਰਾਂਗੇ, ਮੈਦਾਨ ਛੱਡ ਕੇ ਨਹੀਂ ਭੱਜਾਂਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਕੰਮਾਂ ਦਾ ਅਸਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲੇਗਾ। ਇਸ ਮੌਕੇ ਪੰਜਾਬ ਲੀਗਲ ਸੈੱਲ ਦੇ ਸਾਬਕਾ ਪ੍ਰਧਾਨ ਗਿਆਨ ਸਿੰਘ ਮੂੰਗੋ ਅਤੇ ਆਪ ਆਗੂ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗਰਾਫ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿਚ ਨਾਭਾ ਨਗਰ ਕੌਂਸਲ ਵਿਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸ਼ਹਿ ਉਤੇ ਸੀਵਰੇਜ ਦੇ ਪਾਉਣ ਉਤੇ ਕਰੋੜਾਂ ਰੁਪਏ ਦੇ ਹੋਏ ਕਥਿਤ ਘਪਲੇ ਨੂੰ ਤੱਥਾਂ ਦੇ ਆਧਾਰ ਉਤੇ ਲੋਕਾਂ ਸਾਹਮਣੇ ਪਰਦਾਫਾਸ਼ ਕਰਾਂਗੇ।