ਭਾਜਪਾ ਵੱਲੋਂ SYL ਦੇ ਮੁੱਦੇ ਉਤੇ ਇਕ ਦਿਨ ਦੀ ਭੁੱਖ ਹੜਤਾਲ ਦਾ ਐਲਾਨ


ਇਕ ਪਾਸੇ ਪੰਜਾਬ ਤੇ ਹਰਿਆਣਾ ਸਮੇਤ ਪੂਰੇ ਮੁਲਕ ਦੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ਉਤੇ ਡਟੇ ਹੋਏ ਹਨ, ਉਥੇ ਹਰਿਆਣਾ ਵਿਚ ਭਾਜਪਾ ਨੇ ਐਸਵਾਈਐਲ ਨਹਿਰ ਦੇ ਮੁੱਦੇ ਨੂੰ ਮੁੜ ਹਵਾ ਦਿੰਦੇ ਹੋੇਏ ਅੱਜ ਇਕ ਦਿਨ ਦੀ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ ਹੈ।

ਭਾਜਪਾ ਆਗੂ ਪੰਜਾਬ ਤੋਂ ਪਾਣੀ ਲੈਣ ਦੀ ਮੰਗ ਨੂੰ ਲੈ ਕੇ ਅੱਜ ਭੁੱਖ ਹੜਤਾਲ ਕਰਨਗੇ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਵੱਲੋਂ ਹਰਿਆਣਾ ਵਿਚ ਪਾਣੀਆਂ ਦੇ ਮਸਲੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਕੁਝ ਭਾਜਪਾ ਆਗੂਆਂ ਵੱਲੋਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਗਏ। ਦੱਸਣਯੋਗ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਦਾਅਵਾ ਕਰ ਰਹੀ ਹੈ ਕਿ ਅੰਦੋਲਨ ਵਿਚ ਹਰਿਆਣਾ ਦੇ ਕਿਸਾਨ ਸ਼ਾਮਲ ਨਹੀਂ ਹੋਏ ਹਨ।

ਹਰਿਆਣਾ ਦੇ ਕਿਸਾਨ ਪੰਜਾਬ ਤੋਂ ਪਾਣੀ ਦੀ ਮੰਗ ਕਰ ਰਹੇ ਹਨ। ਇਸ ਗੱਲ ਨੂੰ ਅੱਗੇ ਰੱਖ ਕੇ ਭਾਜਪਾ ਅੱਜ ਜਿਲ੍ਹਾ ਪੱਧਰ ਤੋਂ ਲੈ ਕੇ ਭੁੱਖ ਹੜਤਾਲ ਕਰਕੇ ਐਸਵਾਈਐਲ ਮਸਲੇ ਦੇ ਹੱਲ਼ ਦੀ ਮੰਗ ਕਰ ਰਹੀ ਹੈ।

ਹਾਲਾਂਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਜਾਣਬੁਝ ਕੇ ਐਸਵਾਈਐਲ ਦਾ ਮੁੱਦਾ ਉਭਾਰ ਕੇ ਕਿਸਾਨ ਅੰਦੋਲਨ ਨੂੰ ਖੇਰੂੰ-ਖੇਰੂੰ ਕਰਨ ਦੀਆਂ ਵਿਊਂਤਾਂ ਘੜ ਰਹੀ ਹੈ ਪਰ ਹਰਿਆਣਾ ਦੇ ਕਿਸਾਨ ਉਸ ਦੀ ਚਾਲ ਵਿਚ ਨਹੀਂ ਆਉਣਗੇ।