CBI ਦੀ ਕਸਟੱਡੀ ਵਿਚੋਂ ਗਾਇਬ ਹੋਇਆ 45 ਕਰੋੜ ਦਾ 103 ਕਿੱਲੋ ਸੋਨਾ, ਕੋਰਟ ਵੱਲੋਂ ਜਾਂਚ ਦੇ ਹੁਕਮ


ਤਾਮਿਲਨਾਡੂ ਵਿੱਚ ਛਾਪੇਮਾਰੀ ਦੌਰਾਨ ਸੀਬੀਆਈ ਨੇ 103 ਕਿੱਲੋ ਤੋਂ ਵੱਧ ਸੋਨਾ ਜ਼ਬਤ ਕੀਤਾ ਸੀ। 45 ਕਰੋੜ ਰੁਪਏ ਦੇ ਇਸ ਸੋਨੇ ਨੂੰ ਸੀਬੀਆਈ ਦੀ ਸੁਰੱਖਿਅਤ ਹਿਰਾਸਤ ਵਿਚ ਰੱਖਿਆ ਗਿਆ ਸੀ, ਪਰ ਇਹ ਸੋਨਾ ਹੁਣ ਸੀਬੀਆਈ ਦੀ ਹਿਰਾਸਤ ਵਿਚੋਂ ਗਾਇਬ ਹੋ ਗਿਆ ਹੈ। ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਸੀਬੀ-ਸੀਆਈਡੀ ਨੂੰ ਮਾਮਲੇ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ।

ਦੱਸ ਦਈਏ ਕਿ ਸੀਬੀਆਈ ਦੀ ਟੀਮ ਨੇ ਸਾਲ 2012 ਵਿੱਚ ਚੇਨਈ ਦੇ ਸੁਰਾਨਾ ਕਾਰਪੋਰੇਸ਼ਨ ਲਿਮਟਿਡ ਦੇ ਦਫਤਰ ਉਤੇ ਛਾਪਾ ਮਾਰਿਆ ਸੀ। ਛਾਪੇਮਾਰੀ ਦੌਰਾਨ ਸੀਬੀਆਈ ਨੇ 400.5 ਕਿਲੋ ਸੋਨਾ, ਸੋਨੇ ਦੀਆਂ ਇੱਟਾਂ ਅਤੇ ਗਹਿਣਿਆਂ ਦੇ ਰੂਪ ਵਿੱਚ ਜ਼ਬਤ ਕੀਤਾ ਸੀ। ਜ਼ਬਤ ਕੀਤੇ ਸੋਨੇ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਸੀਬੀਆਈ ਦੀ ਸੁਰੱਖਿਅਤ ਹਿਰਾਸਤ ਵਿਚ ਰੱਖਿਆ ਗਿਆ ਸੀ, ਪਰ ਹੁਣ ਜ਼ਬਤ ਕੀਤੇ ਗਏ ਸੋਨੇ ਵਿਚੋਂ 103 ਕਿਲੋ ਸੋਨਾ ਗਾਇਬ ਹੈ।

ਸੀਬੀਆਈ ਵੱਲ਼ੋਂ ਦੱਸਿਆ ਗਿਆ ਹੈ ਕਿ ਸੇਫ ਅਤੇ ਵਾਲਟਸ ਦੀਆਂ 72 ਕੁੰਜੀਆਂ ਚੇਨਈ ਦੀ ਪ੍ਰਿੰਸੀਪਲ ਸਪੈਸ਼ਲ ਅਦਾਲਤ ਨੂੰ ਸੌਂਪੀਆਂ ਗਈਆਂ ਹਨ। ਜਸਟਿਸ ਪ੍ਰਕਾਸ਼ ਨੇ ਸੀਬੀਆਈ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਅਤੇ ਐਸਪੀ ਰੈਂਕ ਦੇ ਇੱਕ ਅਧਿਕਾਰੀ ਦੀ ਅਗਵਾਈ ਵਿੱਚ ਸੀਬੀ-ਸੀਆਈਡੀ ਜਾਂਚ ਦੇ ਆਦੇਸ਼ ਦਿੱਤੇ ਹਨ। ਪੂਰੇ ਮਾਮਲੇ ਦੀ 6 ਮਹੀਨਿਆਂ ਦੇ ਅੰਦਰ ਅੰਦਰ ਜਾਂਚ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।