ਦਿੱਲੀ ਨੂੰ ਘੇਰਨ ਲਈ ਵੱਡਾ ਹੱਲਾ- 1500 ਟਰੈਕਟਰ-ਟਰਾਲੀਆਂ ਰਾਹੀਂ ਆ ਰਹੇ ਨੇ 30,000 ਕਿਸਾਨ


ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਹੁਣ ਆਪਣੀ ਲੜਾਈ ਨੂੰ ਹੋਰ ਤੇਜ਼ ਕਰਨ ਦੇ ਮੂਡ ਵਿਚ ਹਨ। ਪੂਰੇ ਮੁਲਕ ਵਿਚੋਂ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਚਾਲੇ ਪਾ ਰਹੇ ਹਨ।

ਪੰਜਾਬ ਦੇ ਸੱਤ ਜ਼ਿਲ੍ਹਿਆਂ ਦੇ ਤਕਰੀਬਨ 1000 ਪਿੰਡਾਂ ਵਿੱਚੋਂ 1,500 ਟਰੈਕਟਰ-ਟਰਾਲੀਆਂ ਰਾਹੀਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਲਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇਐਮਐਸਸੀ) ਦੇ ਅਨੁਸਾਰ ਪੰਜਾਬ ਤੋਂ ਪ੍ਰਦਰਸ਼ਨਕਾਰੀਆਂ ਦਾ ਵੱਡਾ ਕਾਫਲਾ ਆ ਰਿਹਾ ਹੈ।

ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਕੇਐਸਐਮਸੀ ਨੇਤਾਵਾਂ ਨੇ ਦੱਸਿਆ ਹੈ ਕਿ ਕਈ ਸਮੂਹਾਂ ਵਿੱਚ ਕਾਫਲਾ ਦੋ ਹਫ਼ਤੇ ਪਹਿਲਾਂ ਕੋਂਡਲੀ ਨਾਲ ਲੱਗੀ ਸਰਹੱਦ ’ਤੇ ਪਹੁੰਚਣ ਵਾਲੇ ਪ੍ਰਦਰਸ਼ਨਕਾਰੀਆਂ ਦੇ ਪਹਿਲੇ ਸਮੂਹ ਦੀ ਜਗ੍ਹਾ ਲੈ ਲਵੇਗਾ। ਰਿਪੋਰਟ ਦੇ ਅਨੁਸਾਰ ਕੇਐਮਐਸਸੀ ਦੇ ਚੇਅਰਮੈਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਦਿੱਲੀ ਦੀ ਸਰਹੱਦ ‘ਤੇ ਪਹਿਲਾਂ ਹੀ ਬਹੁਤ ਸਾਰੇ ਕਿਸਾਨ ਮੌਜੂਦ ਹਨ। ਜੇ ਸਾਨੂੰ ਕੋਈ ਜਗ੍ਹਾ ਨਹੀਂ ਮਿਲੀ, ਤਾਂ ਅਸੀਂ ਜਿੱਥੇ ਵੀ ਰੁਕ ਸਕਦੇ ਹਾਂ ਉਥੇ ਰੁਕ ਜਾਵਾਂਗੇ। ਅਸੀਂ ਪਹਿਲਾਂ ਹੀ ਉਥੇ ਮੌਜੂਦ ਲੋਕਾਂ ਦੀ ਥਾਂ ਲਵਾਂਗੇ, ਜੋ ਘਰ ਪਰਤਣਗੇ।

ਪੰਨੂੰ ਨੇ ਦੱਸਿਆ ਕਿ ਕਾਫਲੇ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਮੋਗਾ ਤੋਂ ਪ੍ਰਦਰਸ਼ਨਕਾਰੀ ਹਨ। ਉਹ ਸ਼ਾਮ 5 ਵਜੇ ਦੇ ਕਰੀਬ ਨੈਸ਼ਨਲ ਹਾਈਵੇਅ 1 ਉਤੇ ਲੁਧਿਆਣਾ ਦੇ ਡੋਰਾ ਵਿਖੇ ਇਕੱਠੇ ਹੋਣਗੇ। ਉਹ ਛੋਟੇ ਸਮੂਹਾਂ ਵਿੱਚ ਚਾਲੇ ਪਾਉਣਗੇ ਤਾਂ ਕਿ ਰਾਜਮਾਰਗ ਉਤੇ ਕੋਈ ਭੀੜ ਨਾ ਹੋਵੇ।

ਕੇਐਮਐਸਸੀ ਨੇਤਾਵਾਂ ਦਾ ਅੰਦਾਜ਼ਾ ਹੈ ਕਿ ਲਗਭਗ 30,000 ਪ੍ਰਦਰਸ਼ਨਕਾਰੀ ਕਾਫਲੇ ਵਿੱਚ 1000 ਕਾਰਾਂ ਤੇ ਟਰੈਕਟਰ-ਟਰਾਲੀਆਂ ’ਤੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਅਤੇ ਦਿੱਲੀ ਵੱਲ ਜਾਣ ਵਾਲੇ ਵਾਹਨਾਂ ਦੀ ਗਿਣਤੀ ਨਹੀਂ ਕਰ ਰਹੇ ਹਨ। ਕੇਐਮਐਸਸੀ ਦੇ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਨਵਾਂ ਕਾਫਲਾ ਲੰਮਾ ਸਮਾਂ ਚੱਲੇਗਾ। ਅਸੀਂ ਰਾਸ਼ਨ, ਰਜਾਈਆਂ, ਕੱਪੜੇ, ਐਲ.ਪੀ.ਜੀ ਸਿਲੰਡਰ, ਬਾਲਟੀਆਂ ਆਦਿ ਲਿਆ ਰਹੇ ਹਾਂ। ਸਾਡੀਆਂ ਟਰਾਲੀਆਂ ਵਾਟਰਪ੍ਰੂਫ ਚਾਦਰਾਂ ਨਾਲ ਢੱਕੀਆਂ ਹਨ ਅਤੇ ਅਸੀਂ ਦਿੱਲੀ ਦੇ ਮੌਸਮ ਲਈ ਤਿਆਰ ਹਾਂ।